ਕਿੱਸਾ ਅਨੰਦਪੁਰ ਦਾ

ਜਿਵੇਂ ਕਿ ਪਹਿਲਾ ਆਪਾ ਪੜ੍ਹ ਆਏ ਹਾਂ ਕਿ ਬਾਬਾ ਰਾਮ ਚੰਦ ਜੀ ਅਤੇ ਪੀਰ ਲ਼ੱਖ ਦਾਤੇ ਦਾ ਮਿਲ਼ਣ ਅਤੇ ੳਹਨਾਂ ਚ ਹੋਈ ਵਾਰਤਾਲਾਪ ਇਸ ਤੋ ਅੱਗੇ ਚੱਲਦੇ ਹਾਂ।

ਬਾਬਾ ਜੀ ਵਾਪਿਸ ਪਿੰਡ ਜਗਤਪੁਰ ਆ ਗਏ ਅਤੇ ਆਪਣੇ ਘਰ ਦੇ ਕੰਮਾ ਕਾਰਾਂ ਚ ਅਤੇ ਖੇਤੀ ਬਾੜੀ ਚ ਰੁੱਝ ਗਏ।ਪੀਰ ਜੀ ਦੱਸੇ ਮੁਤਾਬਕ ਉਹ ਮਹੀਨਾ ਅਤੇ ਸਮਾਂ ਆਇਆ। ਬਾਬਾ ਜੀ ਨੇ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕੀਤੀ, ਆਪਣੇ ਨਾਲ ਸਫ਼ਰ ਲਈ ਜਰੂਰੀ ਸਮਾਨ ਦੋਵੇਂ ਵਛੇਰੇ ਲੈ ਕੇ ਅਨੰਦਪੁਰ ਵੱਲ ਨੂੰ ਤੁਰ ਪਏ, ਰਸਤੇ ਚ ਆਰਾਮ ਕਰਦੇ ਅਤੇ ਪੜਾਅ ਕਰਦੇ ਥੋੜੇ ਦਿਨਾਂ ਚ ਹੀ ਆਪ ਅਨੰਦਪੁਰ ਪਹੁੰਚ ਗਏ, ਉਹਨਾਂ ਸਮਿਆਂ ‘ਚ ਕੱਚੇ ਰਸਤੇ ਪੱਗ-ਡੰਡੀਆਂ ਹੁੰਦੀਆਂ ਸਨ।ਉਸ ਸਮੇ ਦੇ ਮੁਕਾਬਲੇ ਚ ਅੱਜ ਦੀ ਤੁਲਨਾ ਕਰੀਏ ਤਾਂ ਬਹੁਤ ਅੰਤਰ ਹੈ।ਅੱਜ ਭਾਵੇ ਅਨੰਦਪੁਰ ਨੂੰ ਪੈਦਲ ਸਫਰ ਕਰਨਾ ਹੋਵੇ ਤਾਂ ਅਸਾਨੀ ਨਾਲ ਇੱਕ ਦਿਨ, ਇੱਕ ਰਾਤ ਚ ਮੰਜਿਲ ਤੇ ਪਹੁੰਚ ਸਕਦੇ ਹਾਂ।ਪਰ ਉਹਨਾਂ ਸਮਿਆਂ ਦੀ ਗੱਲ ਕੁਝ ਹੋਰ ਸੀ। ਬਾਬਾ ਜੀ ਅਨੰਦਪੁਰ ਸਾਹਿਬ ਪਹੁੰਚੇ। ਜੋ ਅਨੁੰਦਪੁਰ ਆਪਾਂ ਅੱਜ ਦੇਖ ਰਹੇ ਹਾਂ, ਇਸ ਤਰਾਂ ਦਾ ਅਨੁੰਦਪੁਰ ਉਸ ਸਮੇਂ ਨਹੀਂ ਸੀ।ਇਸ ਦੀਆਂ ਕੁਝ ਝੱਲਕੀਆਂ ਦਾ ਪੁਰਾਣੇ ਇਤਿਹਾਸ ਤੋਂ ਪਤਾ ਲਗਦਾ ਹੈ।

ਬਾਬਾ ਜੀ ਨੇ ਅਨੰਦਪੁਰ ਜਾ ਕੇ ਵਛੇਰੇ ਇੱਕ ਦਰਖੱਤ ਨਾਲ ਬੰਨ ਦਿੱਤੇ, ਅਤੇ ਕੁਝ ਸਮਾ ਅਰਾਮ ਕੀਤਾ।ਆਪ ਕੀ ਦੇਖਦੇ ਹਨ ਪ੍ਰਮਾਤਮਾ ਦਾ ਅਜੀਬ ਕੋਤਕ, ਜਿਵੇਂ ਪੀਰ ਜੀ ਨੇ ਕਿਹਾ ਸੀ ਕਿ ਆਸਮਾਨ ਚ ਕਾਲੇ ਬੱਦਲ ਹੋਣਗੇ, ਹਲਕੀ ਹਲਕੀ ਬਰਸਾਤ ਹੋਵੇਗੀ, ਮਿੱਠੀ ਮਿੱਠੀ ਹਵਾ ਚੱਲੇਗੀ।ਅਸੀਂ ਸਿਰਫ ਤੇ ਸਿਰਫ ਤੁਹਾਨੂੰ ਹੀ ਨਜਰ ਆਂਵਾਂਗੇ, ਗੁਰੂ ਜੀ ਨਾਲ ਬੈਠਿਆ।ਉਹ ਸੁਭਾਗ ਭਰਿਆ ਸਮਾਂ ਆਇਆ, ਆਪ ਦਰਬਾਰ ਚ ਹਾਜ਼ਿਰ ਹੋਏ।ਆਪਨੇ ਅਦਬ ਸਤਿਕਾਰ ਨਾਲ ਗੁਰੁ ਜੀ ਨੂੰ ਅਤੇ ਪੀਰ ਜੀ ਨੂੰ ਨਾਮਸਕਾਰ ਕੀਤੀ।ਗੁਰੁ ਜੀ ਅਤੇ ਪੀਰ ਜੀ ਆਪ ਜੀ ਨੂੰ ਮਿਲਕੇ ਬਹੁਤ ਖੁਸ਼ ਹੋਏ ਆਪ ਜੀ ਨੇ ਕਿਹਾ ਕੇ ਆਪ ਦੇ ਦਰਬਾਰ ਚ ਵਛੇਰੇ ਲੈ ਕੇ ਹਾਜ਼ਰ ਹੋਇਆ ਹਾਂ.. ਬਾਬਾ ਜੀ ਅਤੇ ਪੀਰ ਜੀ ਦੀ ਵਾਰਤਾ ਇਸ ਤਰ੍ਹਾਂ ਹੋਈ:-

ਬਾਬਾ ਜੀ …ਪੀਰ ਜੀ ਆਪ ਆਪਣਾ ਵਛੇਰਾ ਲੈ ਲਉ, ਅਤੇ ਗੁਰੂ ਜੀ ਵਾਲਾ ਗੁਰੂ ਜੀ ਨੂੰ ਦੇ ਦਿੳ।
ਪੀਰ ਜੀ…ਅਗਰ ਵਛੇਰਾ ਲੈਣਾ ਹੁੰਦਾ ਤਾ ਮੁਲਤਾਨ ਹੀ ਲੈ ਲੇਣਾ ਸੀ।
ਬਾਬਾ ਜੀ…ਮੈ ਹੋਰ ਕੀ ਦੇ ਸਕਦਾ ਹਾਂ ਆਪ ਜੀ ਨੂੰ

ਪੀਰ ਜੀ ਨੇ ਗੁਰੂ ਜੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਅਸੀਂ ਇੱਕਲਾ ਵਛੇਰਾ ਨਹੀ ਲੈਣਾ ਆਪ ਦਾ ਸਿੱਖ ਵੀ ਲੈਣਾ ਹੈ।ਇੱਹ ਸੁਣਕੇ ਬਾਬਾ ਜੀ ਘਬਰਾ ਗਏ ਤੇ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਪੀਰ ਜੀ ਨੇ ਕਿਹਾ ਸਾਨੂੰ ਆਪਦਾ ਸਿੱਖ ਚਾਹੀਦਾ ਹੈ, ਗੁਰੂ ਜੀ ਸਭ ਰੱਮਜਾਂ ਜਾਣਦੇ ਸਨ ਆਪ ਜਾਣੀ ਜਾਣ ਸਨ, ਬਸ ਦੇਖਕੇ ਮੁਸਕੁਰਉਦੇ ਰਹੇ ਅਤੇ ਬਾਬਾ ਜੀ ਦਾ ਸਿੱਦਕ ਦੇਖਦੇ ਰਹੇ। ਬਾਬਾ ਜੀ ਨਹੀ ਮੰਨੇ ਅਤੇ ਕਹਿਣ ਲੱਗੇ ਕਿ ਪੀਰ ਜੀ ਆਪ ਦੇ ਦਰਬਾਰ ਤੇ ਬੱਕਰੇ ਵੱਢੇ ਜਾਦੇਂ ਹਨ, ਅਤੇ ਆਪਦੇ ਸੇਵਾਦਾਰ ਸਿਰ ਹਲਾਉਦੇ ਹਨ, ਹੋਰ ਕਈ ਮਨਮੱਤ ਕਰਦੇ ਹਨ। ਪਰ ਪੀਰ ਜੀ ਆਪਨੂੰ ਹਰ ਸੂਰਤ ਅਤੇ ਹਰ ਸ਼ਰਤ ਤੇ ਲੈਣਾ ਚਹੂੰਦੇ ਸਨ।ਪੀਰ ਜੀ ਨੇ ਫਰਮਾਇਆ ਕਿ ਤੂੰ ਸਾਡਾ ਪੱਕਾ ਸੇਵਕ ਹੈ ਅਤੇ ਰਹਿੰਦੀ ਦੁਨੀਆਂ ਤੱਕ ਤੇਰਾ ਨਾਮ ਰਹੇਗਾ।ਅਸੀ ਤੇਰੇ ਨਾਲ ਹਰ ਵਕਤ ਰਾਹਾਂਗੇ, ਅਤੇ ਤੇਰੇ ਦਰਬਾਰ ਤੇ ਹਜ਼ਾਰਾਂ ਨਹੀ ਲੱਖਾਂ ਹੀ ਲੋਕ ਸੱਜਦੇ ਕਰਨਗੇ ਤੇਰੇ ਦਰਬਾਰ ਤੇ ਵੱਡੇ ਵੱਡੇ ਫੈਸਲੇ ਹੋਇਆ ਕਰਨਗੇ।ਤੇਰੇ ਦਰਬਾਰ ਤੇ ਕਿਸੇ ਦਾ ਵੀ ਸਿਰ ਨਹੀਂ ਹਿੱਲੇਗਾ ਤੇਰੇ ਦਰਬਾਰ ਤੇ ਕੋਈ ਵੀ ਬੱਕਰੇ ਵੱਡ ਨਹੀ ਹੋਣਗੇ, ਤੇਰੇ ਦਰਬਾਰ ਤੇ ਬੱਕਰੇ ਦੀ ਥਾਂ ਮਿੱਠਾ ਚੂਰਮਾ(ਮੱਕੀ ਦੀ ਰੋਟੀ ਦਾ ਚੂਰਾ ਕਰਕੇ ਦੇਸੀ ਘਿੳ ‘ਚ ਗੁੱੜ ਰਲਾਕੇ) ਚੱੜੇਗਾ, ਤੇਰੇ ਦਰਬਾਰ ਤੇ ਕੋਈ ਮੱਨਮੱਤ ਨਹੀ ਹੋਵੇਗੀ ।ਪੀਰ ਜੀ ਇਸੇ ਤਰਾਂ ਖੁਸ਼ ਹੋਕੇ ਆਪ ਜੀ ਨੂੰ ਵੱਚਨ ਕਰਦੇ ਰਹੇ ਅਤੇ ਅਸ਼ੀਰਵਾਦ ਦਿੱਤੇ।ਪੀਰ ਲੱਖ ਦਾਤਾ ਜੀ ਨੇ ਗੁਰੂ ਜੀ ਅਤੇ ਆਪ ਨੂੰ ਰਾਜ਼ੀ ਕਰ ਲਿਆ।ਫਿਰ ਗੁਰੂ ਜੀ ਨੇ ਕਿਹਾ ਕਿ ਸਾਡੇ ਸਿੱਖ ਦੇ ਬਦਲੇ ਸਾਨੂੰ ਕੀ ਦਿੳਗੇ।ਤਾਂ ਪੀਰ ਜੀ ਨੇ ਆਪਨੂੰ ਭਾਈ ਰਾਮੂ ਦੇ ਬਦਲੇ ਤਿੰਨ ਪਿੰਡ ਦਿੱਤੇ।ਢੇਸੀਆਂ, ਦੁਸ਼ਾਝਾਂ ਮਸੰਦਾਂ ਅਤੇ ਪੁਆਦੜਾ ਦੇ ਦਿੱਤੇ ਅਤੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਆਪ ਜੀ ਨੇ ਭਾਈ ਰਾਮੂ ਦਾ ਹੱਥ ਪੀਰ ਲੱਖ ਦਾਤਾ ਜੀ ਦੇ ਹੱਥ ਦੇ ਦਿੱਤਾ।ਆਪ ਜੀ ਗੁਰੂ ਜੀ ਤੋ ਆਗਿਆ ਲੈ ਕੇ ਪੀਰ ਜੀ ਨਾਲ ਪਿੰਡ ਜਗਤ ਪੁਰ ਆ ਗਏ।ਅਤੇ ਸਾਰੀ ਵਾਰਤਾ ਘਰ ਦਿਆ ਨੂੰ ਦੱਸੀ ਅਤੇ ਆਪਦਾ ਪ੍ਰੀਵਾਰ ਇਹ ਸੁਣਕੇ ਬਹੁਤ ਖੁਸ਼ ਹੋਇਆ।

ਇਹ ਜੋ ਵੀ ਲੇਖ ਹਨ ,ਇਹ ਅਸੀ ਆਪਣੇ ਪਿਤਾ ਸ਼੍ਰੀ ਲਾਹੌਰੀ ਰਾਮ ਸ਼ੌਕੀ, ਪਿੰਡ ਦੇ ਹੋਰ ਸਿਆਣੇ ਬੰਦਿਆਂ ਤੋਂ ਜਿਵੇਂ ਕਿ ਸ. ਸਾਧੂ ਸਿੰਘ ਸ਼ੇਰਗਿੱਲ, ਸ. ਸਵਰਾਨ ਸਿੰਘ ਸ਼ੇਰਗਿੱਲ (ਬੱਲੀ) ਅਤੇ ਹੋਰ ਜੋ ਵੀ ਇਤਿਹਾਸ ਚੌਕੀਆਂ ਹਨ, ਉਹਨਾ ਦੀ ਜੁਬਾਨੀ ਸੁਣਕੇ ਲਿਖਿਆ ਹੈ।ਇਸ ਵਿੱਚ ਮੇਰੇ ਆਪਣੇ ਕੋਲੋ ਕੋਈ ਵੀ ਆਪਣਾ ਸ਼ਬਦ ਨਹੀ ਹੈ।ਜੋ ਕੁਝ ਹੈ ਸਭ ਜੁਬਾਨੀ ਸੁਣਿਆ ਹੈ ।ਇਹ ਲੇਖ ਆਉਣ ਵਾਲੀ ਨਵੀ ਪੀੜੀ ਲਈ ਹੈ। ਜੋ ਕਿ ਇਹ ਪੜ੍ਹਕੇ ਬਾਬਾ ਜੀ ਵਾਰੇ ਜਾਣਕਾਰੀ ਹਾਸਿਲ ਕਰ ਸਕਣ……….

ਜੈਕਾਰਾ ….ਬਾਬਾ ਰਾਮ ਚੰਦ ਜੀ ਦਾ
ਬੋਲ ਸਾਚੇ ਦਰਬਾਰ ਕੀ ਜੈ
ਜੈਕਾਰਾ ….ਲੱਖ ਦਾਤਾ ਜੀ ਦਾ
ਬੋਲ ਸਾਚੇ ਦਰਬਾਰ ਕੀ ਜੈ